
ਇਸ ਅਖੰਡ ਕਾਇਨਾਤ ਦੀ ਰੋਸ਼ਨੀ ਨੂੰ ਆਪਣੇ ਇਰਦ-ਗਿਰਦ ਲੱਭਦੇ ਮੈਂ ਜੋ ਅਨੋਖੇ ਰੰਗਾਂ ਦਾ ਦੀਦਾਰ ਕਰ ਰਿਹਾਂ, ਉਸਨੇ ਬਾਰ ਬਾਰ ਮੈਨੂੰ ਤੇ ਤੁਹਾਨੂੰ ਇੱਕ ਕੀਤਾ ਹੈ । ਮੈਨੂੰ ਜੋ ਮਹਿਸੂਸ ਹੁੰਦੈ, ਉਸਦਾ ਓਦਾਂ ਤਾਂ ਕੋਈ ਵੀ ਆਕਾਰ ਨਹੀਂ ਪਰ ਜੇ ਮੈਂ ਕੋਈ ਦਰਿਆ ਹੋ ਕੇ ਗਾਉਣ ਲੱਗਦਾਂ ਤਾਂ ਉਸਦੀ ਕੱਲੀ-ਕੱਲੀ ਬੂੰਦ ਵਿਚ ਮੈਨੂੰ ਤੁਹਾਡਾ ਹੀ ਦੀਦਾਰ ਹੁੰਦੈ । ਹੈਰਾਣੀਆਂ, ਹੈ ਰੋਸ਼ਨੀ ।
“ਸਿੱਖਣ ਦਾ ਸਿਲਸਿਲਾ” ਸਾਡੀ ਇੱਕ ਸੁਤੰਤਰ ਸਾਂਝ ਹੈ ।
ਸਿਲਸਿਲਾ ਉਹ, ਜੋ ਚਲਦਾ ਰਹੇ ਨਿਰੰਤਰ..
ਦਰਿਆਵਾਂ ਦੇ ਪਾਣੀਆਂ ਦਾ ਕੀ ਸਿਲਸਿਲਾ ? ਵਗਦੇ ਰਹਿਣਾ ਨਿਰੰਤਰ..
ਸਮੁੰਦਰ ਦੀਆਂ ਲਹਿਰਾਂ ਦਾ ਕੀ ਸਿਲਸਿਲਾ ? ਤਰਦੇ ਰਹਿਣਾ ਨਿਰੰਤਰ..
ਮੁਹੱਬਤ ਦੀਆਂ ਰਾਹਾਂ ਤੇ ਰਾਹੀ ਦਾ ਕੀ ਸਿਲਸਿਲਾ ?
ਸਿੱਖਦੇ ਰਹਿਣਾ ਨਿਰੰਤਰ..
ਕਰਤਾਰ ਜੀ ਕੀ ਮਿਹਰ ਰਹੇ , ਇਹ ਸਿਲਸਿਲਾ ਪਿਆਰ ਦੀ ਕਿੱਕਲੀ ਹੋਵੇ I
ਤੁਹਾਨੂੰ ਤਾਂ ਪਤਾ ਹੀ ਹੈ ਕਿ ਇਸ ਸੁਰਤਿ ਦੇ ਘੇਰਿਆਂ ਵਿਚ ਕੋਈ ਵੀ ਵੱਖ ਨਹੀਂ ਰਹਿੰਦਾ ।
ਬੱਸ ਸਤਿ ਰਹਿੰਦਾ ਹੈ,
ਸਤਿ ਨਾਮੁ ।
. . . . . . . . . . . . .
RAAHIYA [with English subtitles]
ਆਦਿ ਅੰਤ ਵਿਚਕਾਰ ਆਕਾਰਾਂ ਦਾ ਬਦਲਦੇ ਰਹਿਣਾ ਹੀ ਹੈ ਰਾਹੀ ਦਾ ਤੁਰਦੇ ਜਾਣਾ।
ਸਿੱਖਣ ਦੇ ਸਿਲਸਿਲੇ ਵਿੱਚ ਚੇਤਨਾ ਦਾ ਵਿਸਥਾਰ, ਬਾਹਾਰਾਂ ਦੀ ਬਰਕ ਅਤੇ ਮਨ ਦਾ ਮੁਹੱਬਤ ਵਿੱਚ ਵਿਸ਼ਾਲ ਹੋਣਾ ਹੀ ਹੈ ਰਾਹੀ ਦਾ ਤੁਰਦੇ ਜਾਣਾ।
ਹੋਣੀ ਨੂੰ ਅਪਣਾ ਲੈਣਾ, ਆਪਣਾ ਬਣਾ ਲੈਣਾ ਅਤੇ ਫਿਰ ਕਿਸੇ ਮੌਜ ਵਿੱਚ ਆਪਣਾ ਆਪਾ ਹੀ ਖੋ ਜਾਣਾ..
ਹੈਰਾਨ ਹੁੰਦਾ ਰਾਹੀ ਪਿਆਰੇ ਦੇ ਘਰ ਵੱਲ ਸੁਰਤਿ ਕਰਦਾ ਹੈ ਤੇ ਉਸਦੇ ਬੋਲਾਂ ਵਿੱਚੋਂ ਰੋਸ਼ਨੀਆਂ ਨੂੰ ਛੋਹੰਦਾ ਅਚੰਭਿਤ ਹੋ ਜਾਂਦੈ। ਇਹ ਹੈਰਾਨੀ ਰਾਹੀ ਨੂੰ ਕੁਝ ਏਦਾਂ ਰੰਗਦੀ ਹੈ ਕਿ ਉਸਦੀ ਖਿੱਚ ਨਾਲ ਇਹ ਆਜ਼ਾਦ ਰਾਗਾਂ ਦਾ ਦਰਿਆ.. ਜਾ ਮਿਲਦਾ ਹੈ ਸਤਿ-ਸਾਗਰਾਂ ਨੂੰ..
ਕਹਿੰਦਾ ‘ਸਤਿ ਕਰਤਾਰ,
ਸਤਿ ਕਰਤਾਰ’
ਸਤਿ ਨਾਮੁ।
ਅਨੰਦੁ ਹੈ ਜੀ।
ਅਰਦਾਸ ਕਿ ਬਾਬੇ ਨਾਨਕ ਜੀਆਂ ਕੀ ਨਦਰ ਬਣੀ ਰਹੇ, ਹਰ ਸਿਰਜਣ ਵਿੱਚ ਸਬਰ ਸ਼ੁਕਰ ਦੀ ਆਜ਼ਾਨ, ਕਾਦਰ-ਕੁਦਰਤ ਤੋਂ ਸਦਾ ਬਲਿਹਾਰ, ਦਰਸ਼ਨ ਦੀਦਾਰਿਆਂ ਵਿੱਚ।
ਤੁਹਾਡਾ ‘ਦਰਸ’
. . . . . . . . . . . . .
ਨਾਨਕ ਜੀਆਂ ਦੇ ਵਿਸਮਾਦੀ ਮੰਡਲ ਦਾ ਪ੍ਰਭਾਵ ਰਾਹੀ ਦੇ ਅੰਦਰ ‘ਅਕਾਲ-ਇਕਸੁਰਤਾ’ ਦੀ ਤਾਂਘ ਪੈਦਾ ਕਰਦਾ ਹੈ।
ਕੁਦਰਤਿ ਰਾਹੀ ਦੇ ਮਨ ਨੂੰ ਕਈ ਸਵਾਲਾਂ ਨਾਲ ਘੇਰਦੀ ਹੈ, ਵੰਨ-ਸੁਵੰਨੇ ਦ੍ਰਿਸ਼ ਦਿਖਾਉਂਦੀ ਹੈ ਤੇ ਹੈਰਾਨ ਕਰਦੀ ਹੈ…
ਹੈਰਾਨੀਆਂ ਵਿਚ ਖੇਡਦੇ ਰਾਹੀ ਦੀ ਤਾਂਘ ਕਾਇਮ ਹੈI ਜਿਉਂ ਜਿਉਂ ਇਹ ਤਾਂਘ ਸੂਖਮ ਹੁੰਦੀ ਹੈ, ਰਾਹੀ ਆਪਣੇ ਖਾਲੀਪਨ ਨੂੰ ਮਿਲਦਾ ਹੈ, ਐਸੀ ਹਾਲਤ ਵਿਚ ਉਸਦੇ ਸਵਾਲਾਂ ਵਿਚੋਂ ‘ਅਸਲ ਸਵਾਲ’ ਨੂੰ ਜੇ ਕੋਈ ਸਮਝ ਸਕਦਾ ਹੈ ਤਾ ਉਹ ਹੈ ਉਸਦਾ ਆਪਣਾ ਹੀ ਅੰਤਰਮਨI ਪਹਿਲਾਂ ਉਦਾਸੀ ਹੁੰਦੀ ਹੈ, ਫਿਰ ਖੁਸ਼ੀ, ਫਿਰ ਉਦਾਸੀ-ਖੁਸ਼ੀ ਇੱਕ ਹੋ ਜਾਂਦੀ ਹੈ, ਰੋਸ਼ਨੀ ਜਿਹੀ ।
ਨਾਨਕ ਘਰ ਤੋਂ ਆਉਣ ਵਾਲੀ ‘ਬਾਣੀਆਂ ਦੀ ਆਵਾਜ਼’ ਰਾਹੀ ਨੂੰ ‘ਆਦਿ ਸਚੁ’ ਵੱਲ ਖਿੱਚਦੀ ਹੈ । ਇਸ ਸ਼ਾਂਤਿ-ਸਹਿਜ ਗੁਫ਼ਤਗੂ ਦੀ ਰਾਹ ਤੇ… ਰਾਹੀ ਆਪਣੇ ਆਪ ਨੂੰ ਬਾਰ ਬਾਰ ਚੇਤੇ ਕਰਵਾਉਂਦਾ ਰਹਿੰਦਾ ਹੈ ਕਿ ਉਸਨੇ “ਜਾਣਾ ਕਿੱਧਰ ਹੈ”…
।। ਅਨੰਦੁ ।।
. . . . . . . . . . . . .
ਇਸ਼ਕ ਹਕੀਕੀ ਹੋਵੇ ਯਾਂ ਮਿਜਾਜ਼ੀ ,
‘ਰੱਬ’ ਯਾਰ ਵਰਗਾ ਹੋਵੇ ਯਾਂ ‘ਯਾਰ’ ਰੱਬ ਵਰਗਾ,
ਵਿਛੋੜੇ ਦੀ ਘੜੀ ਹੁੰਦੀ ਹੈ, ਕਿੰਨੀ ਮੁਸ਼ਕਿਲ… ਹੈ ਨਾ ?
ਪਿਆਰੇ ਦਾ ਸੁਨੇਹਾ ਹੈ ਕਿ ‘ਮੁਹੱਬਤ’ ਅਕਾਲ ਹੈ, ਆਜ਼ਾਦ ਹੈ ਤੇ ਆਕਾਰਾਂ ਵਿਚ ਹੈ ਨਿਰਾਕਾਰ…
ਪਰ ਇਹ ਪਿਆਰਾ, ਹੈ ਕਿੱਥੇ ?
ਕੋਈ ਆਵੇ ਤੇ ਪ੍ਰੀਤਮ ਨੂੰ ਮਿਲਵਾ ਦੇਵੇ…
. . . . . . . . . . . . .
ਕਿਸ ਮੰਜ਼ਿਲ ਦੇ ਸਫਰ ਵਿੱਚ ਮਨ ਦਾ ਸਾਥ ਦੇਣ ਆਇਆ ਹੈ ਮੇਰੇ ਤਨ ਦਾ ਚੋਲਾ, ਕਿਸਦੇ ਮਿਲਾਪ ਲਈ ?
ਮੇਰਾ ਮੂਲ ਕਿ ਹੈ ?
ਦਰਿਆਵਾਂ ਦੀ ਕੁਦਰਤ ਕਿੰਨੇ ਵੱਲ ਖਾ ਕੇ ਸਮੰਦਰ ਹੁੰਦੀ ਹੈ… ਜਵਾਬਾਂ ਦੀ ਤੜਫ ਵਿੱਚ ਭਟਕਦੀ ਸਵਾਲਾਂ ਤੋਂ ਹੀ ਮੁਕਤ ਹੋ ਜਾਂਦੀ ਹੈ, ਆਪਣਾ ਆਪਾ ਮਿਟਾ ਦਿੰਦੀ ਹੈ ਤੇ ਇਕ ਹੋ ਜਾਂਦੀ ਹੈ, ਸਬ ਹੈਰਾਨ ।
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ।।
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ।।
. . . . . . . . . . . . .
ਯਾਦ ਕਰ ਉਸ ਪਿਆਰੇ ਨੂੰ ਜਿਸਨੇ ਤੇਰੇ ਮਨ ਦੇ ਗਹਿਰੇ ਸਰੋਵਰਾਂ ਵਿੱਚ ਹਰਿਮੰਦਰ ਸਿਰਜਿਆ ਹੈ।
ਦੇਖ ਉਹ ਬਲਦੇ ਚਿਰਾਗ ਦੀ ਲਾਲੀ ਵਿੱਚ ਕਿਨੀ ਮਾਸੂਮੀਅਤ ਨਾਲ ੴ ਦੇ ਬੋਲ ਸੁਣਦਾ ਹੈ, ਉਹ ਚਰਨ ਪੌਲ ਵਿੱਚ ਮੇਰੇ ਨਾਲ ਕਦਮ ਵਧਾਉਂਦਾ ਹੈ ਤੇ ਇੱਕ ਮਨ ਇੱਕ ਚਿੱਤ ਹੋ ਜਾਂਦਾ ਹੈ। ਇਹਨਾਂ ਮੁਹੱਬਤਾਂ ਨੂੰ ਕੋਈ ਮਨ ਦੇ ਪਿੰਜਰੇ ਜਾਂ ਮਿੱਟੀ ਦੇ ਪੁੱਤਲਿਆਂ ਵਿਚ ਨਹੀ ਬੰਨ੍ਹ ਸਕਦਾ। ਤੁਹਾਡੀ ਹੋਂਦ ਦਾ ਦਾਇਰਾ ਵੀ ਤੁਹਾਡੇ ਵੱਸ ਤੋਂ ਬਾਹਰ ਹੋ ਜਾਂਦਾ ਹੈ। ਇਹੀ ਰਾਹ ਜਾਂਦੇ ਨੇ ਸਿੱਧੇ ਅਕਾਲ ਜੀ ਦੇ ਦੇਸ।
ਜਾ ਚਲਿਆ ਜਾ ਉਸ ਦਰ ਤੇ ਜਿੱਥੇ ਲਿਖਿਆ ਹੈ..
ਜਿਨ ਪ੍ਰੇਮੁ ਕਿਓ ਤਿਨ ਹੀ ਪ੍ਰਭੁ ਪਾਇਓ ।।
. . . . . . . . . . . . .
ਆਵਾਜ਼ ਗੂੰਜ ਰਹੀ ਹੈ।
ਪੂਰੀ ਕਾਇਨਾਤ ਥਿਰਕ ਰਹੀ ਹੈ।
ਕਿਸੇ ਲੰਮੇ ਤੂਫਾਨ ਤੋਂ ਬਾਅਦ ਆਪਣੇ ਮਨ ਨੂੰ ਚੁੱਪ ਹੁੰਦਿਆਂ ਤੁਸੀਂ ਸੁਣਿਐ?
ਉਸ ਸ਼ਾਂਤ ਅੰਤਰਾਲ ਵਿੱਚ ਕਿਸੇ ਸੂਖਮ ਨਾਦੁ ਨੂੰ… … … ਸੁਣਿਐ?
ਆਵਾਜ਼ ਗੂੰਜ ਰਹੀ ਹੈ।
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ।।
. . . . . . . . . . . . .
ਸ਼ੁਕਰਾਨ ਹੈ ਓਹਨਾ ਸਭ ਰੋਸ਼ਨੀਆਂ ਤੇ ਪਰਛਾਈਆਂ ਦਾ, ਬਾਤਾਂ ਤੇ ਯਾਦਾਂ ਦਾ ਜੋ ਸਦਾ ਸਾਡੀ ਉਡਾਣ ਦੀ ਪ੍ਰੇਰਨਾ ਹੋਏ ਤੇ ਸਿੱਖਣ ਦੇ ਸਿਲਸਿਲੇ ਚ ਹੋਏ ਸਾਡਾ ਅਸਮਾਨ ।
ਸ਼ੁਕਰਾਨ ਹਰ ਹਿੱਸੇ ਦਾ, ਪੂਰੇ ਦਾ ਜਿਸਨੂੰ ਲੱਬਿਆ ਪਰ ਅੰਤ ਨਹੀਂ ਪਾਇਆ,
ਸ਼ੁਕਰਾਨ ਉਸ ਅਨੰਤ ਨੂੰ ਜੋ ਮਹਿਸੂਸ ਹੁੰਦਾ ਹੈ ਹੈਰਾਣੀਆਂ ਦੇ ਵਾੰਗ…
ਉਸ ਅਗੰਮ ਨੂੰ ਸ਼ੁਕਰਾਨ,
ਆਨੰਦ ਨੂੰ ਸ਼ੁਕਰਾਨ।
ਵਾਹਿ ਸ਼ੁਕਰਾਨ ।। ਜੀ ਸ਼ੁਕਰਾਨ ।।